by Surjit Singh Sirdi

ਮਿੱਟੀ ਕਰੇ ਸੁਆਲ : ਸੂਖ਼ਮ ਭਾਵਨਾਵਾਂ ਦੀ ਇਬਾਰਤ ਸੁਰਜੀਤ ਸਿੰਘ ਸਿਰੜੀ ਮਨੁੱਖੀ ਸੰਵੇਦਨਾ ਦੀਆਂ ਸੂਖ਼ਮਤਰੀਨ ਪਰਤਾਂ ਥੀਂ ਲੰਘਦਿਆਂ ਸਮਾਜਕ ਸਰੋਕਾਰਾਂ ਦੀ ਦ੍ਰਿਸ਼ਟਮਾਨੀ ਕਰਦਾ ਹੈ। ਸੰਵੇਦਨਸ਼ੀਲ ਮਨੁੱਖ 'ਸਵੈ' ਅਤੇ 'ਲੋਕਾਈ' ਦੇ ਦੁੱਖਾਂ-ਸੁੱਖਾਂ, ਮੁਹੱਬਤਾਂ-ਨਫ਼ਰਤਾਂ, ਨਿਆਮਤਾਂ-ਕਮੀਆਂ ਅਰਥਾਤ ਹਰ ਭਾਵ ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। 'ਮਿੱਟੀ ਕਰੇ ਸੁਆਲ' ਕਾਵਿ-ਸੰਗ੍ਰਹਿ ਵਿੱਚ ਸੁਰਜੀਤ ਸਿੰਘ ਸਿਰੜੀ ਨੇ ਮਨੁੱਖੀ ਸਮਾਜ ਵਿੱਚ ਵਿਚਰਦਿਆਂ ਬਹੁਤ ਸਾਰੇ ਵਿਸ਼ੇ ਛੋਹੇ ਹਨ। ਜ਼ਬਰ, ਜ਼ੁਲਮ, ਜੰਗ, ਭੁੱਖ, ਮੁਹੱਬਤ ਅਤੇ ਅਸਾਵੀਂ ਵੰਡ ਉੱਤੇ ਕਟਾਖ਼ਸ਼ ਕਰਦਿਆਂ ਸੁਰਜੀਤ ਬੜੀ ਸਹਿਜਤਾ ਨਾਲ ਕਵਿਤਾ ਦੀਆਂ ਅੰਤਲੀਆਂ ਸਤਰਾਂ ਨਾਲ ਚਮਤਕਾਰ ਕਰ ਜਾਂਦਾ ਹੈ। ਇਹੀ-ਸਕਾਰਾਤਮਕਤਾ ਪਾਠਕ ਦੇ ਮਨ ਨੂੰ ਟੁੰਬਦੀ ਵੀ ਹੈ ਅਤੇ ਸਹਿਵਨ ਹੀ ਉਸ ਅੰਦਰ ਊਰਜਾ ਪ੍ਰਫੁਲਿੱਤ ਕਰਦੀ ਹੈ। ਜਿਵੇਂ ਉਹ ਲਿਖਦਾ ਹੈ : ਦੇਸ ਮੇਰੇ ਦੀ ਜ਼ਰਖੇਜ਼ ਜ਼ਮੀਨੇ! ਅਸ਼ਕੇ ਤੇਰੀ ਕੁੱਖੋਂ ਫ਼ਸਲਾਂ ਹੀ ਨਹੀਂ ਰੌਸ਼ਨ ਲੋਕ ਵੀ ਉਗਮਦੇ ਨੇ
Details