by Dr. Gurpreet Kaur Brar

ਮਨੁੱਖ ਨੂੰ ਚੇਤਨਾਯੁਕਤ ਹੋਣ ਕਰਕੇ ਇਸ ਕਾਇਨਾਤ ਦਾ ਸਭ ਤੋਂ ਸ੍ਰੇਸ਼ਟ ਪ੍ਰਾਣੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਨਾਰੀ ਦੀ ਗਣਨਾ ਪ੍ਰਕ੍ਰਿਤੀ ਦੇ ਉਸ ਪ੍ਰਵਰਗ ਵਿਚ ਪ੍ਰਵਾਨਿਤ ਹੈ ਜਿਸਨੂੰ ਮਾਨਵ ਕਿਹਾ ਜਾਂਦਾ ਹੈ। ਨਾਰੀ ਮੁੱਢ ਕਦੀਮ ਤੋਂ ਮਨੁੱਖ ਜਾਤੀ ਦਾ ਇਕ ਕੁਦਰਤੀ ਅਤੇ ਲਾਜ਼ਮੀ ਅੰਗ ਹੈ। ਮਨੁੱਖੀ ਪ੍ਰਵਰਗ ਦੇ ਅੰਤਰਗਤ ਨਾਰੀ ਅਤੇ ਮਰਦ ਪ੍ਰਕ੍ਰਿਤੀ ਦੀਆਂ ਦੇ ਅਜਿਹੀਆਂ ਹੋਂਦਾਂ ਹਨ ਜੋ ਇਕ ਦੂਜੇ ਨਾਲ ਪੂਰਕ ਅਤੇ ਅਨਿੱਖੜ ਰਿਸ਼ਤੇ ਵਿਚ ਬੱਝੀਆਂ ਹੋਈਆਂ ਹਨ। ਪ੍ਰਕ੍ਰਿਤਕ ਜਗਤ ਦੇ ਵੱਖਰੇ-ਵੱਖਰੇ ਪ੍ਰਵਰਗਾਂ ਦੇ ਅੰਤਰਗਤ ਹਰੇਕ ਜੀਵਕ ਹੋਂਦ ਜੋੜਿਆਂ ਵਿੱਚ ਹੈ। ਇਹ ਜੋੜੇ ਪ੍ਰਕ੍ਰਿਤਕ ਨੇਮ ਦੇ ਅੰਤਰਗਤ ਆਪਣੀ ਨਸਲ ਦੀ ਉਤਪਤੀ ਵਿੱਚ ਸਹਾਈ ਹੁੰਦੇ ਹਨ। ਬਿਲਕੁਲ ਇਸੇ ਤਰ੍ਹਾਂ ਮਨੁੱਖੀ ਨਸਲ ਦੀ ਨਿਰੰਤਰਤਾ ਦੇ ਇਸ ਅਮਲ ਵਿਚ ਨਾਰੀ ਅਤੇ ਮਰਦ ਹੋਂਦ ਇਕ ਦੂਜੇ ਨਾਲ ਬੱਝੀ ਹੋਈ ਹੈ। ਅਸਲ ਵਿੱਚ ਨਾਰੀ ਮਰਦ ਸੰਬੰਧ ਅਤੇ ਉਸਦੇ ਭਿੰਨ-ਭਿੰਨ ਰੂਪ ਮਾਨਵੀ ਸ੍ਰਿਸ਼ਟੀ ਦੇ ਸਥਾਈਤਵ ਅਤੇ ਉਸਦੇ ਸਮਾਜਿਕ ਵਿਕਾਸ ਲਈ ਜ਼ਰੂਰੀ ਹਨ।
Details