by ਡਾ. ਰਮਨਪ੍ਰੀਤ ਕੌਰ

ਡਾ. ਰਮਨਪ੍ਰੀਤ ਕੌਰ ਬਹੁਤ ਮਿਹਨਤੀ ਅਤੇ ਜ਼ਹੀਨ ਵਿਦਿਆਰਥੀਆਂ ਵਿਚੋਂ ਹੈ। ਉਹ ਇਕ ਸਮਰਪਿਤ ਆਧਿਆਪਕਾ ਅਤੇ ਰਚਨਾਤਮਿਕ ਬਿਰਤੀ ਵਾਲੀ ਗਲਪ-ਆਲੋਚਕ ਹੈ। ਡਾ. ਰਮਨਪ੍ਰੀਤ ਕੌਰ ਆਪਣੀ ਪਲੇਠੀ ਪੁਸਤਕ - 'ਸਤਲੁਜ ਵਹਿੰਦਾ ਰਿਹਾ' ਸਾਹਿਤ ਦੀ ਸੰਜੀਦਾ ਪਾਠਕ ਤੇ ਰਚਨਾਤਮਿਕ ਰੁਚੀਆਂ ਵਾਲੀ ਡਾ. ਰਮਨਪ੍ਰੀਤ ਲਈ ਅਧਿਆਪਨ ਮਹਿਜ਼ ਕਿੱਤਾ ਨਹੀਂ, ਸਗੋਂ ਇਸ਼ਟ ਵਾਂਗ ਹੈ। ਆਪਣੇ ਵਿਦਿਆਰਥੀ ਜੀਵਨ ਤੇ ਅਕਾਦਮਿਕ ਕੈਰੀਅਰ ਦੌਰਾਨ ਉਸ ਨੇ ਸਾਹਿਤ ਤੇ ਕਲਾਵਾਂ ਪ੍ਰਤੀ ਗਹਿਰੀ ਦਿਲਚਸਪੀ ਤੇ ਪੁਖ਼ਤਾ ਸੂਝ ਦਾ ਪ੍ਰਮਾਣ ਦਿੱਤਾ ਹੈ। ਉਸ ਨੇ ਅਧਿਐਨ' (2009) ਨਾਲ ਹੀ ਪੰਜਾਬੀ ਗਲਪ-ਆਲੋਚਕਾਂ ਤੇ ਪਾਠਕਾਂ ਦਾ ਧਿਆਨ ਖਿੱਚਿਆ ਸੀ। ਉਸ ਦੀ ਦੂਜੀ ਪੁਸਤਕ 'ਬਲਦੇਵ ਸਿੰਘ ਦੇ ਨਾਵਲਾਂ ਦੀ ਗਲਪ-ਚੇਤਨਾ (2013) ਇਸ ਗੱਲ ਦੀ ਜ਼ਾਮਨ ਬਣੀ ਕਿ ਉਹ ਪੰਜਾਬੀ ਗਲਪ-ਆਲੋਚਨਾ ਤੇ ਸਾਹਿਤਕ ਖੋਜ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਹੈ। ਉਸ ਦੇ ਇਨ੍ਹਾਂ ਮੁਢਲੇ ਯਤਨਾਂ ਤੋਂ ਸਪਸ਼ਟ ਹੈ ਕਿ ਉਹ ਪੰਜਾਬੀ ਗਲਪ ਸਾਹਿਤ ਨੂੰ ਪੰਜਾਬ ਦੇ ਇਤਿਹਾਸਕ-ਸਮਾਜਕ ਸਾਰ ਅਤੇ ਵਿਸ਼ੇਸ਼ ਸਭਿਆਚਾਰ ਦੇ ਸੰਦਰਭ ਵਿਚ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀ ਰਾਹੀਂ ਵਾਚਦੀ ਹੈ। ਉਹ ਗ਼ਲਪ-ਰਚਨਾਵਾਂ ਜਾਂ ਸਾਹਿਤ-ਪਾਠਾਂ ਦੀ ਪੜ੍ਹਤ ਰਾਹੀਂ ਪੰਜਾਬ ਨੂੰ ਦਰਪੇਸ਼ ਆਰਥਿਕ, ਰਾਜਸੀ, ਸਮਾਜ-ਸਭਿਆਚਾਰਕ ਤੇ ਨੈਤਿਕ ਮਸਲਿਆਂ ਨੂੰ ਮੁਖਾਤਿਬ ਹੁੰਦੀ ਹੈ। ਉਹ ਪੰਜਾਬ ਦੀ ਰਾਜਸੀ-ਆਰਥਿਕਤਾ ਦੇ ਬਦਲ ਰਹੇ ਮੰਜ਼ਰ ਤੇ ਉਸ ਦੇ ਫ਼ਲਸਰੂਪ ਪੰਜਾਬ 'ਚ ਵਾਪਰ ਰਹੇ ਸਭਿਆਚਾਰਕ ਰੂਪਾਂਤਰਣ ਦੇ ਅਮਲ ਦੀ ਨਿਸ਼ਾਨਦੇਹੀ ਪੰਜਾਬੀ ਗਲਪ ਸਾਹਿਤ ਦੇ ਹਵਾਲੇ ਨਾਲ ਕਰਦੀ ਹੈ। ਪਿਛਲੇ ਕੁਝ ਸਾਲਾਂ ਵਿਚ ਉਸ ਨੇ ਬਿਰਤਾਂਤ-ਸ਼ਾਸਤਰੀ ਚਿੰਤਨ (Narratolgy) ਬਾਰੇ ਆਲਮੀ ਪੱਧਰ ਉੱਤੇ ਪ੍ਰਾਪਤ ਸੰਵਾਦ ਨੂੰ ਆਪਣੀ ਖੋਜ ਦਾ ਕੇਂਦਰ-ਬਿੰਦੂ ਬਣਾਇਆ ਹੈ। ਉਸ ਦੀ ਹਥਲੀ ਪੁਸਤਕ ‘ਪਰਵਾਸੀ ਪੰਜਾਬੀ ਗਲਪ : ਖੋਜ-ਝਰੋਖਾ ਪਰਵਾਸੀ ਪੰਜਾਬੀ ਕਥਾ-ਸਾਹਿਤ ਦੇ ਨਵੇਂ ਆਯਾਮਾਂ ਉਪਰ ਰੌਸ਼ਨੀ ਪਾਉਂਦੀ ਹੈ। ਉਹ ਪਾਰ-ਰਾਸ਼ਟਰੀ ਤੇ ਬਹੁ-ਸਭਿਆਚਾਰੀ ਪੱਛਮੀ ਸਮਾਜਾਂ ਵਿਚ ਆਪਣੀ ਪਛਾਣ ਤੇ ਹੋਣੀ ਨਾਲ ਜੂਝਦੇ ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ, ਦਵੰਦਾਂ, ਟਕਰਾਵਾਂ ਅਤੇ ਰਾਜਸੀ ਅਵਚੇਤਨ ਨੂੰ ਪੰਜਾਬੀ ਗਲਪ ਸਾਹਿਤ ਦੇ ਹਵਾਲੇ ਨਾਲ ਸਮਝਣ ਦਾ ਯਤਨ ਕਰਦੀ ਹੈ। ਡਾ. ਰਮਨਪ੍ਰੀਤ ਕੌਰ ਦੀ ਨਵੀਂ ਪੁਸਤਕ ਨੂੰ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ, ਇਸ ਪੁਸਤਕ ਨੂੰ ਜੀ-ਆਇਆਂ ਕਹਿਣਾ ਬਣਦਾ ਹੈ। -ਸੁਖਦੇਵ ਸਿੰਘ ਸਿਰਸਾ,
Details