by Gurdeep Singh

ਗੁਰਦੀਪ ਸਿੰਘ ਪੰਜਾਬ ਮੇਰਾ ਤਾਂ ਦੁਨੀਆ ਜਿੱਡਾ ਪੰਜਾਬ ਮੇਰਾ ਅਨਹਦ ਹੈ ਇਸ ਵਿਚ ਸੱਭੇ ਦਰਿਆ ਵਹਿੰਦੇ -ਅ. ਚੰਦਨ ਪੰਜਾਬ ਦੇ ਕਦਮਾਂ ਤੋਂ ਆਪਣੀਆਂ ਹੀ ਪੈੜਾਂ ਨਾਲ ਬਰ ਨਹੀਂ ਮੇਚਿਆ ਜਾ ਰਿਹਾ ਜਾਂ ਕਹੀਏ ਕਿ ਇਹਦੇ ਤਸੱਵਰ ਤੇ ਹਕੀਕਤ ਵਿਚਲਾ ਪਾੜਾ ਦਿਨ-ਬ-ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਇਸ ਕਿਤਾਬ ਨੂੰ ਪੰਜਾਬ ਦੇ ਖ਼ਿਆਲ ਤੇ ਯਥਾਰਥ ਵਿੱਚ ਪਏ ਇਸ ਖੱਪੇ ਦੀ ਨਿਸ਼ਾਨਦੇਹੀ ਕਰਨ ਲਈ ਮਾਰੇ ਹੰਭਲੇ ਵਜੋਂ ਪੜ੍ਹਨ ਦੀ ਲੋੜ ਹੈ। ਸਮਕਾਲੀ ਪੰਜਾਬ ਦੀਆਂ ਸਾਹਿਤਕ ਤੇ ਸਭਿਆਚਾਰਕ ਲਿਖਤਾਂ ਬਾਰੇ ਸਮਝ ਬਣਾਉਂਦਿਆਂ ਗੁਰਦੀਪ ਸਿੰਘ ਪੰਜਾਬ ਦੇ ਸਮੂਹਿਕ ਅਵਚੇਤਨ ਦੀ ਨਿਸ਼ਾਨਦੇਹੀ ਵੀ ਕਰ ਰਿਹੈ। ਪੰਜਾਬ ਦੀ ਹੋਣੀ ਬਾਰੇ ਘੜੇ ਉਹਦੇ ਇਸ ਬਿਆਨੀਏ ਦੀ ਪਿੱਠਭਮੀ ਸ਼ਬਦ ਨਾਲ ਜੁੜੀ ਸਿਆਸਤ ਹੈ। ਇਹ ਸੁਖ਼ਮ ਹਿੰਸਾ ਦਾ ਉਹ ਬਿਰਤਾਂਤ ਹੈ ਜਿਹਦਾ ਝੰਬਿਆਂ ਪੰਜਾਬੀ ਬੰਦਾ ਇਕ ਪਾਸੇ ਖੁਦਕੁਸ਼ੀਆਂ ਦਾ ਰਾਹ ਫੜਦਾ ਹੈ ਤੇ ਦੂਜੇ ਪਾਸੇ ਬੜ੍ਹਕਾਂ ਮਾਰ ਕੇ ਆਪਣੀ ਬੇਚੈਨੀ ਤੋਂ ਨਿਜ਼ਾਤ ਪਾਉਣ ਦਾ ਭੁਲੇਖਾ ਸਿਰਜਦਾ ਹੈ। ਪੰਜਾਬ ਦੀ ਇਸ ਤਰਲਤਾ ਨੂੰ ਕਿਸੇ ਵੀ ਅਕਾਦਮਿਕ ਮੁਹਾਵਰੇ ਵਿਚ ਢਾਲਣਾ ਬਿਖੜੇ ਪੈਂਡੇ 'ਤੇ ਤੁਰਨ ਜਿਹਾ ਅਮਲ ਹੈ। ਅਜਿਹਾ ਕਰਦਿਆਂ ਪੰਜਾਬ ਬਾਰੇ ਸੁਹਿਰਦ ਕਿਸੇ ਵੀ ਸ਼ਖ਼ਸ ਦਾ ਉਪਭਾਵੁਕ ਹੋਣਾ ਬੇਹੱਦ ਸੁਭਾਵਕ ਹੈ ਤੇ ਗੁਰਦੀਪ ਸਿੰਘ ਦੀ ਲਿਖਤ ਵੀ ਇਸ ਭਾਵੁਕਤਾ ਤੋਂ ਮੁਕਤ ਨਹੀਂ। ਬੇਸ਼ੱਕ ਖੋਜ-ਵਿਧੀ ਦੇ ਨੁਕਤੇ ਤੋਂ ਇਸ ਕਿਤਾਬ ਦੀਆਂ ਉਕਾਈਆਂ ਨੂੰ ਵੀ ਅੱਖੋਂ ਉਹਲੇ ਨਹੀਂ ਕੀਤਾ ਜਾਣਾ ਚਾਹੀਦਾ ਪਰ ਸ਼ਹਿਰ ਜਦੋਂ ਸੜ ਰਿਹਾ ਹੋਵੇ ਤਾਂ ਤੁਸੀਂ ਵੰਝਲੀ ਨਹੀਂ ਵਜਾਉਂਦੇ। ਅਜਿਹੇ ਸਮਿਆਂ ਅੰਦਰ ਚੁੰਝਾਂ ਭਰ-ਭਰ ਅੱਗ ਬੁਝਾਉਣ ਵਾਲਿਆਂ ਦੀ ਕੀਤੀ ਕੋਸ਼ਿਸ਼ ਵੀ ਅਹਿਮ ਹੁੰਦੀ ਹੈ। 'ਇਹ ਦੇਸ ਪੰਜਾਬ ਦੀ ਸਮਝ ਨਾਹੀਂ' ਇਹੋ ਜਿਹੀ ਹੀ ਇਮਾਨਦਾਰਾਨਾ ਕੋਸ਼ਿਸ਼ ਹੈ। ਡਾ. ਯਾਦਵਿੰਦਰ ਸਿੰਘ ਦਿੱਲੀ ਯੂਨੀਵਰਸਿਟੀ, ਦਿੱਲੀ,
Details