by Prabhjot Kaur Dhillon

ਕੁਦਰਤ ਵੱਲੋਂ ਹੁਨਰ ਦਿੱਤਾ ਜਾਂਦਾ ਹੈ ਤਾਂ ਹੀ ਲਿਖਿਆ ਜਾ ਸਕਦਾ ਹੈ। ਕੋਈ ਵੀ ਸੋਚ ਕੇ ਨਾ ਲੇਖਕ ਬਣ ਸਕਦਾ ਹੈ ਅਤੇ ਨਾ ਖਿਡਾਰੀ। ਮੈਨੂੰ ਵੀ ਲਿਖਣ ਜਾਂ ਕਹਿ ਲਵੋ ਕਲਮ ਨਾਲ ਕੁਦਰਤ ਨੇ ਨਿਵਾਜ਼ਿਆ ਹੈ। ਮੇਰੀ ਇਹ ਕਿਤਾਬ, "ਆਓ ਰਲ਼-ਮਿਲ਼ ਸੋਚੀਏ" ਗਿਆਰਵੀਂ ਕਿਤਾਬ ਹੈ। ਇਸ ਕਿਤਾਬ ਵਿੱਚ ਵਧੇਰੇ ਲੇਖ ਵੱਖ-ਵੱਖ ਅਖ਼ਬਾਰਾਂ ਵਿੱਚ ਛਪੇ ਹੋਏ ਹਨ। ਜਿਵੇਂ ਮੈਂ ਪਹਿਲਾਂ ਕਿਹਾ ਸੋਚ ਕੇ ਲੇਖਕ ਨਹੀਂ ਬਣਿਆ ਜਾ ਸਕਦਾ, ਮੈਂ ਆਪਣੇ ਆਸ-ਪਾਸ ਹੋ ਰਿਹਾ ਸਾਰਾ ਕੁੱਝ ਵੇਖ ਕੇ, ਕੁਦਰਤ ਦੀ ਰਹਿਮਤ ਕਰਕੇ ਹੀ ਲਿਖਣ ਲੱਗੀ ਹਾਂ। ਮੇਰਾ ਜਨਮ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਵਿੱਚ ਪਿਤਾ ਸਰਦਾਰ ਬਲਵੰਤ ਸਿੰਘ ਭੁੱਲਰ ਅਤੇ ਮਾਤਾ ਪ੍ਰਿਤਪਾਲ ਕੌਰ ਭੁੱਲਰ ਦੇ ਘਰ ਹੋਇਆ। ਪਰ ਜ਼ਮੀਨ ਪਿੰਡ ਚਕੋਕੀ, ਜ਼ਿਲ੍ਹਾ ਕਪੂਰਥਲਾ ਵਿੱਚ ਖਰੀਦਣ ਤੋਂ ਬਾਅਦ ਇੱਥੇ ਹੀ ਰਹਿਣ ਲੱਗ ਗਏ। ਅਸਲ ਵਿੱਚ ਨਡਾਲਾ ਅਤੇ ਚਕੋਕੀ ਤੋਂ ਬਹੁਤ ਸਤਿਕਾਰਯੋਗ ਆਪਣਿਆ ਨੇ ਕਿਹਾ ਕਿ ਤੁਸੀਂ ਚਕੋਕੀ ਲਿਖਿਆ ਕਰੋ। ਅਸਲ ਵਿੱਚ ਮੇਰਾ ਬਚਪਨ ਪਿੰਡ ਭੁੱਲਰ ਬੇਟ ਵਧੇਰੇ ਬੀਤਿਆ ਹੈ ਉਸ ਨਾਲ ਇਕ ਵੱਖਰੀ ਹੀ ਗੁੜੀ ਸਾਂਝ ਹੈ। ਖੈਰ ਮੇਰਾ ਪਰਿਵਾਰ ਪੜ੍ਹਿਆ-ਲਿਖਿਆ ਅਤੇ ਸੰਪੰਨ ਪਰਿਵਾਰ ਹੋਣ ਕਰਕੇ ਪੜ੍ਹਨ ਜਾਂ ਬਚਪਨ ਵਿੱਚ ਕਿਸੇ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਂ ਸੰਨ 1980 ਵਿੱਚ ਡੀ. ਏ. ਵੀ. ਕਾਲਜ ਜਲੰਧਰ ਤੋਂ ਐਮ. ਏ. ਪੰਜਾਬੀ ਵਿੱਚ ਕੀਤੀ । ਕਾਲਜ ਵਿੱਚ ਗਿੱਧਾ ਅਤੇ ਹੋਰ ਗਤੀਵਿਧੀਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਅਤੇ ਕਾਲਜ ਮੈਗਜ਼ੀਨ ਵਿੱਚ ਕਵਿਤਾ ਵੀ ਲਿਖੀ।
Details