by ਰਾਜਿੰਦਰ ਕੌਰ

ਸਤਾਰਵੀਂ ਸਦੀ ਵਿਚ ਗੁਰੂ ਗਰੰਥ ਸਾਹਿਬ ਦੇ ਮੁਢਲੇ ਸਰੂਪ ਸ੍ਰੀ ਆਦਿ ਗਰੰਥ ਦੀ ਸੰਪਾਦਨਾ ਤੋਂ ਬਾਅਦ ਭਾਰਤੀ ਕਾਵਿ ਦੇ ਇਤਿਹਾਸ ਵਿਚ ਭਾਵੇਂ ਗੁਰਮਤਿ ਕਾਵਿ ਦਾ ਨਵਾਂ ਅਧਿਆਇ ਜੁੜ ਗਿਆ ਸੀ ਪਰ ਇਸ ਧਾਰਮਿਕ ਗਰੰਥ ਦੀ ਸੰਪਾਦਨਾ ਨੇ ਲੋਕ ਕਾਵਿ ਅਤੇ ਸ਼ਾਸਤਰੀ ਜਾਂ ਸਨਾਤਨੀ ਕਾਵਿ ਵਿਚਲੀ ਵਿੱਥ ਵੀ ਮੇਲ ਦਿੱਤੀ ਸੀ । ਨਾਨਕ ਬਾਣੀ ਸ਼ਾਸਤਰੀ ਰਾਗਾਂ ਉਪਰ ਆਧਾਰਿਤ ਹੋਣ ਦੇ ਬਾਵਜੂਦ ਲੋਕ ਕਾਵਿ ਦੀ ਬੁਨਿਆਦ ਉਪਰ ਉਸਰੀ ਪ੍ਰਤੀਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਆਸਾ ਰਾਗ ਵਿਚ ਰਚੀ ਆਪਣੀ ਇੱਕ ਵਾਰ ਨੂੰ ਟੁੰਡੇ ਅਸਰਾਜੇ ਦੀ ਧੁਨੀ ਉਪਰ ਗਾਉਣ ਦੀ ਹਦਾਇਤ ਕਰਦੇ ਹਨ। ਉਨ੍ਹਾਂ ਦੇ ਅਨਿਨ ਸਿੱਖ ਭਾਈ ਮਰਦਾਨਾ ਜੀ ਉਸ ਸਮੇਂ ਪ੍ਰਚੱਲਤ ਲੋਕ ਸਾਜ਼ 'ਰਬਾਬ' ਦੀਆਂ ਤਰਬਾਂ ਉਪਰ ਸਮੁੱਚੀ ਬਾਣੀ ਦਾ ਗਾਇਨ ਕਰਦੇ ਹਨ।
Details