by Hardeep Kaur

ਕੁਲਜੀਤ ਨਾਲ ਵਾਪਰੇ ਉਸ ਰਾਤ ਹਾਦਸੇ ਤੋਂ ਬਾਅਦ ਮੈਂ ਕੁਲਜੀਤ ਨੂੰ ਕਦੇ ਵੀ ਖੁੱਲ੍ਹ ਕੇ ਹੱਸਦਿਆਂ ਨਾ ਵੇਖਿਆ, ਨਾ ਹੀ ਮੈਨੂੰ ਉਸ ਦੇ ਚਿਹਰੇ ’ਤੇ ਉਹ ਪਹਿਲਾਂ ਵਾਲੀ ਰੌਣਕ ਕਦੇ ਨਜ਼ਰ ਆਈ। ਮੇਰੀਆਂ ਅੱਖਾਂ ਦੇ ਅੱਗੇ ਉਹ ਸਾਰੇ ਪਲ ਇੱਕ ਦਮ ਇੱਕ ਫਿਲਮ ਦੇ ਵਾਂਗ ਘੁੰਮ ਰਹੇ ਨੇ, ਜਦੋਂ ਮੈਂ ਤੇ ਕੁਲਜੀਤ ਸਕੂਲੋਂ ਆਉਣ ਤੋਂ ਬਾਅਦ ਕਈ-ਕਈ ਘੰਟੇ ਗੱਲਾਂ ਕਰਦੀਆਂ ਰਹਿੰਦੀਆਂ ਸੀ। ਜਦੋਂ ਇਕੱਠੀਆਂ ਖੇਡਦੀਆਂ ਨੂੰ ਸਾਨੂੰ ਦਿਨ ਅਤੇ ਰਾਤ ਦਾ ਪਤਾ ਹੀ ਨਹੀਂ ਚੱਲਦਾ ਸੀ ਤੇ ਹਨ੍ਹੇਰਾ ਪੈਣ ’ਤੇ ਮਾਪਿਆਂ ਤੋਂ ਝਿੜਕਾਂ ਪੈਂਦੀਆਂ ਸੀ। ਕੁਲਜੀਤ ਨੱਚਦੀ ਬਹੁਤ ਸੋਹਣਾ ਸੀ। ਆਜ਼ਾਦੀ ਦਿਵਸ ਦੇ ਦਿਹਾੜੇ ’ਤੇ ਉਸਨੇ ਗਿੱਧੇ ਦੇ ਵਿੱਚ ਪਹਿਲਾ ਇਨਾਮ ਵੀ ਪ੍ਰਾਪਤ ਕੀਤਾ ਸੀ। ਜਦੋਂ ਉਹ ਹੱਸਦੀ ਹੁੰਦੀ ਸੀ ਤਾਂ ਇੰਝ ਲੱਗਦਾ ਹੁੰਦਾ ਸੀ ਕਿ ਜਿਵੇਂ ਪੂਰੀ ਕਾਇਨਾਤ ਖੁਸ਼ੀ ਦੇ ਗੀਤ ਗਾ ਰਹੀ ਹੋਵੇ। ਪਰ ਮੇਰੀ ਸਹੇਲੀ ਦੀ ਚੁੱਪੀ ਦੇ ਨਾਲ ਮੈਨੂੰ ਪੂਰੀ ਕਾਇਨਾਤ ਵੈਰਾਗੀ ਜਿਹੀ ਹੋਈ ਜਾਪਦੀ ਹੈ। ਕਈ ਵਾਰੀ ਤਾਂ ਮੈਨੂੰ ਇੰਝ ਲੱਗਦਾ ਜਿਵੇਂ ਕੁਲਜੀਤ ਇੱਕ ਜਿਉਂਦੀ ਲਾਸ਼ ਜਿਹੀ ਬਣ ਗਈ ਹੈ। ਸੀਨੇ ਦੇ ਵਿੱਚ ਅਜੀਬ ਜਿਹੀ ਪੀੜ ਹੋ ਰਹੀ ਹੈ। ਅੱਖਾਂ ਹੰਝੂਆਂ ਦੇ ਨਾਲ ਭਰ ਗਈਆਂ ਨੇ। ਕੁਲਜੀਤ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਝ ਰਹੇ ਨੇ ਕਿ ਮੈਨੂੰ ਇੱਕ ਦਿਨ ਆਪੇ ਸਭ ਸਮਝ ਆ ਜਾਵੇਗਾ। ਹਾਂ ਮੈਨੂੰ ਸਭ ਸਮਝ ਆ ਚੁੱਕਾ ਹੈ। ਇੰਝ ਲੱਗ ਰਿਹਾ ਹੈ ਕਿ ਮੇਰੇ ਆਲੇ-ਦੁਆਲੇ ਕੁਲਜੀਤ ਵਰਗੀਆਂ ਅਣਗਿਣਤ ਜਿਉਂਦੀਆਂ ਲਾਸ਼ਾਂ ਨੇ। ਮੈਂ ਇਹਨਾਂ ਨੂੰ ਬੁਲਾਉਣ ਦਾ ਯਤਨ ਕਰਦੀ ਹਾਂ, ਇਹਨਾਂ ਨਾਲ ਖੇਡਣ ਦਾ ਯਤਨ ਕਰਦੀ ਹਾਂ। ਪਰ ਇਹ ਨਹੀਂ ਬੋਲਦੀਆਂ। ਹਾਂ ... ਇਹ ਨਹੀਂ ਬੋਲਦੀਆਂ। ਮੈਨੂੰ ਹੁਣ ਸਮਝ ਆ ਚੁੱਕਾ ਹੈ ਕਿ ਲਾਸ਼ਾਂ ਕਦੇ ਨਹੀਂ ਬੋਲਦੀਆਂ .... ਹਾਂ ਲਾਸ਼ਾਂ ਕਦੇ ਨਹੀਂ ਬੋਲਦੀਆਂ। - ‘ਲਾਸ਼ਾਂ ਕਦੇ ਨਹੀਂ ਬੋਲਦੀਆਂ’ ਕਹਾਣੀ ਵਿਚ
Details