by Sukhdev Singh Sirsa

ਸੁਖਦੇਵ ਦੀ ਕਾਵਿ-ਕਿਤਾਬ 'ਕਵਿਤਾ ਦਾ ਦੇਸ' ਦੱਸਦੀ ਹੈ ਕਿ ਉਸ ਕੋਲ ਕਾਵਿ-ਸਿਰਜਣਾ ਦਾ ਆਪਣਾ ਨਿਆਰਾ ਦੇਸ ਵੀ ਹੈ, ਜਿਸ ਵਿੱਚ ਉਹ 'ਕਦੇ-ਕਦਾਈਂ' ਸੁਪਨੇ ਅੰਦਰ/ਮਾਂ ਦੀ ਉਂਗਲ ਫੜ ਕੇ/ਸ਼ਹਿਰ ਲਾਹੌਰ 'ਚ ਜਾ ਵੜਦਾ ਹੈ ਤੇ ਉੱਥੋਂ ਗੱਡੀ ਫੜ ਕੇ ਬਾਰ ਦੇ ਸੁਹਾਵੇਂ ਦੇਸ ਪਹੁੰਚ ਜਾਂਦਾ ਹੈ, ਜਿੱਥੋਂ ਵਡੇਰੇ 'ਮਾਂ-ਮਿੱਟੀ ਤੋਂ ਕੰਡ ਭੁਆ ਕੇ/ਕਾਇਰਾਂ ਵਾਂਙੂ ਭੱਜ ਗਏ ਸੀ।' ਅਜਿਹੇ ਕੰਮ ਕਵਿਤਾ ਹੀ ਕਰ ਸਕਦੀ ਹੈ, ਬੰਦੇ ਦੀ ਉਂਗਲ ਫੜ ਕੇ ਉਸ ਨੂੰ ਕਿਤੇ ਲੈ ਜਾਵੇ ਤੇ ਸੋਚ ਦੇ ਪੱਥਰ-ਗੀਟਿਆਂ ਨਾਲ ਖੇਡੇ, ਉਨ੍ਹਾਂ ਨੂੰ ਜੋੜੇ-ਤੇੜੇ, ਉਨ੍ਹਾਂ ਦੇ ਘਰ ਬਣਾਏ, ਜਿਸ ਵਿੱਚ 'ਅੰਬਰ ਧਰਤੀ ਭਰਨ ਕਲਾਵੇ'। ਸੁਖਦੇਵ ਭਾਸ਼ਾ ਵਿੱਚ ਅਜਿਹੀਆਂ ਸੋਚ-ਉਡਾਰੀਆਂ ਦੇ ਕਿਲ੍ਹੇ ਬਣਾਉਣ-ਤੋੜਨ ਵਾਲਾ ਕਵੀ ਹੈ। ਸੁਖਦੇਵ ਦੀ ਕਵਿਤਾ ਵਿੱਚ ਪਿਆਰ ਦੀਆਂ ਆਹਟਾਂ ਤੇ ਮਾਵਾਂ ਦੀ ਮਮਤਾ ਦੇ ਸੰਸਾਰ ਵੀ ਹਨ ਤੇ ਜੀਵਨ ਦੀਆਂ ਤਲਖ਼ੀਆਂ ਦੇ ਵੀ। ਸੁਖਦੇਵ ਦੀਆਂ ਕਵਿਤਾਵਾਂ ਵਿਚਲਾ ਦੇਓ 'ਸਰਮਾਇਆ' ਹੈ ਜੋ ਜੀਉਂਦੇ ਬੰਦਿਆਂ ਨੂੰ ਮੱਖੀਆਂ ਬਣਾ ਕੇ ਕੰਧਾਂ ਨਾਲ ਲਗਾ ਦੇਣਾ ਚਾਹੁੰਦਾ ਹੈ। 'ਰੱਬ ਸਭ ਨੂੰ ਤੌਫ਼ੀਕ ਦੇਵੇ' ਕਵਿਤਾ ਨੂੰ ਇੱਕ-ਸਾਹ ਪੜ੍ਹਦਿਆਂ ਦਿਲ ਨੂੰ ਹੌਲ ਪੈਂਦਾ ਹੈ; ਫ਼ਸਲਾਂ, ਬਿਰਖ-ਬੂਟਿਆਂ ਤੇ ਖ਼ੁਸ਼ਬੋਈਆਂ ਵਾਲੀ ਧਰਤ 'ਤੇ ਪੈਰ ਧਰਨ ਨੂੰ ਥਾਂ ਨਹੀਂ ਹੈ। ਸੁਖਦੇਵ ਦੀ ਆਲੋਚਨਾ ਦੀਆਂ ਕਿਤਾਬਾਂ ਤੇ ਇਹ ਕਾਵਿ-ਸੰਗ੍ਰਹਿ ਪੜ੍ਹਦਿਆਂ ਤੁਸੀਂ ਇਹ ਮਹਿਸੂਸ ਕਰੋਗੇ ਕਿ ਉਸ ਦੇ ਆਲੋਚਨਾ-ਸੰਸਾਰ ਵਿੱਚ ਇੱਕ ਕਵੀ ਬੈਠਾ ਹੋਇਆ ਹੈ, ਜਿਹੜਾ 'ਕਾਇਨਾਤ ਦਾ ਦੁੱਖ ਹਰਦਾ' ਹੈ, 'ਅਸਗਾਹ ਸਾਗਰਾਂ 'ਤੇ/ਪਖੇਰੂ ਦੇ ਨਾਲ ਨਾਲ ਉੱਡਦਾ' ਹੈ । ਸੁਖਦੇਵ ਦੀ ਕਵਿਤਾ ਵਿੱਚ ਨਿੱਜ ਦਾ ਦੇਸ ਵੀ ਹੈ ਅਤੇ ਲੋਕਾਂ ਨਾਲ ਜੁੜਦੇ-ਟੁੱਟਦੇ ਉਸ ਦੇ ਆਪੇ ਦਾ ਵੀ। ਇਸ ਜੋੜ-ਤੋੜ ਵਿੱਚ ਲੋਕ-ਜੀਵਨ ਦਾ ਵਿਹਾਰ ਤੇ ਸੰਘਰਸ਼ ਵੀਹਾਜ਼ਰ ਹਨ। ਸਵਰਾਜਬੀਰ ਮੋਹਾਲੀ
Details