by Dr. Davinder Boha

ਡਾ. ਦਵਿੰਦਰ ਸਿੰਘ ਬੋਹਾ ਇਹ ਪਿਛਲੇ ਸਮੇਂ ਤੋਂ ਭਾਵੇਂ ਮਾਂ-ਬੋਲੀ ਪੰਜਾਬੀ ਦੀ ਸੇਵਾ ਲਈ ਅਗਾਂਹਵਧੂ ਭੂਮਿਕਾ ਨਿਭਾ ਰਹੇ ਹਨ। ਲੇਕਿਨ ਇਨ੍ਹਾਂ ਦੇ ਜੀਵਨ ਦੇ ਜਲਝਾਤ ਮਾਰਿਆਂ ਪਤਾ ਚੱਲਦਾ ਹੈ ਕਿ intersection ਪੰਜਾਬ ਦੇ ਸਿੱਖਿਆ ਦੇ ਖੇਤਰ ਅੰਦਰ ਵੀ ਇਨ੍ਹਾਂ ਦੀਆਂ ਗਿਣਨਾਤਮਕ ਅਤੇ ਗੁਣਾਤਮਿਕ ਪੱਖੋਂ ਨਵੀਆਂ ਲੀਹਾਂ ਦੀ ਦੇਣ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਪ੍ਰੋਜੈਕਟ ਜਿਵੇਂ: 'ਪੜ੍ਹੋ ਪੰਜਾਬ, 'ਪ੍ਰਵੇਸ਼ ਅਤੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਹਮੇਸ਼ਾ ਸੁਰਖੀਆਂ 'ਚ ਰਹੇ ਹਨ। ਇਸੇ ਤਰ੍ਹਾਂ ਸਕੂਲਾਂ ਅੰਦਰ ਰੀਡਿੰਗ ਸੈੱਲ, ਬਾਲ ਸਭਾਵਾਂ, ਸਿਰਜਣਾਤਮਕ ਮੁਕਾਬਲੇ, ਹੱਥ ਲਿਖਤ ਮੈਗਜੀਨ, ਬਾਲ ਮੇਲੇ ਆਦਿ ਬਾਰੇ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਯੋਜਨਾਵਾਂ ਤਿਆਰ ਕਰਨਾ ਅਤੇ ਇਨ੍ਹਾਂ ਨੂੰ ਅਮਲ 'ਚ ਲਿਆਉਣਾ ਵੀ ਇਹਨਾਂ ਦੇ ਹਿੱਸੇ ਆਇਆ ਹੈ। ਪ੍ਰਾਇਮਰੀ ਸਿੱਖਿਆ ਪ੍ਰਤੀ ਇਸੇ ਵਿਸ਼ਲੇਸ਼ਣਾਤਮਕ ਪਹੁੰਚ ਸਦਕਾ ਹਥਲੀ ਪੁਸਤਕ ਬੁਨਿਆਦੀ ਸਿੱਖਿਆ ਦੇ ਅੰਦਰ ਆਪਣੀ ਪੈੜ ਪਾਉਂਦੀ ਹੈ। ਇਸ ਪੁਸਤਕ ਦੀ ਖ਼ੂਬਸੂਰਤੀ ਇਸ ਵਿਚ ਹੈ ਕਿ ਇਹ ਹਰ ਕੱਢੇ ਜਾ ਰਹੇ ਸਿੱਟੇ ਦਾ ਆਧਾਰ ਅੰਕੜਿਆਂ ਨੂੰ ਲੈ ਕੇ ਕਿਸੇ ਨਤੀਜੇ ਪ੍ਰਤੀ ਆਸਵੰਦ ਪਹੁੰਚ ਅਪਣਾਉਂਦੀ ਹੈ। ਇਕ ਗੱਲ ਹੋਰ ਕਿ ਵਿੱਦਿਅਕ ਖੋਜਾਂ ਅਕਸਰ ਹੀ ਔਖੀ ਅਤੇ ਭਾਰੀ-ਭਰਕਮ ਸ਼ਬਦਾਵਲੀ ਕਾਰਨ ਸਮਝ ਤੋਂ ਬਾਹਰੀ ਹੋ ਜਾਂਦੀਆਂ ਹਨ ਪਰ ਇਸ ਪੁਸਤਕ ਦਾ ਇਹ ਹਾਸਲ ਹੈ ਕਿ ਇਹ ਭਾਸ਼ਾਈ ਆਡੰਬਰਾਂ ਤੋਂ ਵਿੱਥ ਥਾਪਦੀ ਹੋਈ ਰੌਚਕਤਾ ਪੱਖੋਂ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਇਸ ਪੁਸਤਕ ਵਿਚਲੀਆਂ ਤੁਲਨਾਤਮਕ ਰਿਪੋਰਟਾਂ ਅਤੇ ਵਿਉਂਤਬੰਦੀ ਦਾ ਸਮੁੱਚਾ ਤਾਣਾ-ਬਾਣਾ ਅਤੇ ਪ੍ਰਾਪਤ ਨਤੀਜਿਆਂ ਪੱਖੋਂ ਇਹ ਪੁਸਤਕ ਅਤੀਤ, ਵਰਤਮਾਨ ਅਤੇ ਭਵਿੱਖਮੁਖੀ ਸਿੱਟਿਆਂ ਦਾ ਸ਼ੀਸ਼ਾ ਵੀ ਵਿਖਾਉਂਦੀ ਹੈ। ਇਹ ਪੁਸਤਕ ਅਧਿਆਪਕਾਂ, ਮਾਪਿਆਂ, ਸਿੱਖਿਆ ਸਰੋਕਾਰਾਂ ਨਾਲ ਜੁੜੇ ਵਿਦਵਾਨਾਂ, ਖੋਜਾਰਥੀਆਂ ਅਤੇ ਜਿਗਿਆਸੂਆਂ ਲਈ ਰਾਹ ਦਸੇਰੇ ਵਜੋਂ ਭਵਿੱਖੀ ਚੁਣੌਤੀਆਂ ਅਤੇ ਸੰਕਲਪਾਂ ਨੂੰ ਸਮਝਣ ਲਈ ਰਾਹ ਮੋਕਲਾ ਕਰੇਗੀ। ਮੈਨੂੰ ਇਹ ਪੂਰੀ ਉਮੀਦ ਹੈ ਕਿ ਇਹ ਪੁਸਤਕ ਰਵਾਇਤੀ ਲੀਹਾਂ ਨੂੰ ਤੋੜਦੀ ਹੋਈ ਇੱਕ ਸਾਂਭਣਯੋਗ ਦਸਤਾਵੇਜ਼ ਵਜੋਂ ਮਾਰਗ-ਦਰਸ਼ਕ ਸਿੱਧ ਹੋਵੇਗੀ।
Details