by Parminder Kaur

ਗੁਰੂ ਨਾਨਕ ਦੇਵ ਜੀ ਵੱਲੋਂ ਰਚੀਆਂ ਜਪੁਜੀ, ਆਸਾ ਦੀ ਵਾਰ, ਸਿਧ ਗੋਸਟਿ, ਬਾਬਰਬਾਣੀ, ਅਲਾਹੁਣੀਆਂ, ਬਾਰਹਮਾਹ, ਦੱਖਣੀ ਓਅੰਕਾਰ ਆਦਿ ਬਾਣੀਆਂ ਪੜ੍ਹ ਕੇ ਤੁਹਾਨੂੰ ਉਹਨਾਂ ਨਾਲ ਮੋਹ ਪੈ ਜਾਂਦਾ ਹੈ । ਗੁਰੂ ਨਾਨਕ ਦੀਆਂ ਇਹਨਾਂ ਰਚਨਾਵਾਂ ਵਿਚ ਉਹਨਾਂ ਦੇ ਸ਼ਬਦਾਂ ਦੀ ਚੋਣ ਅਤੇ ਬਿੰਬਾਂ ਦੀ ਪੇਸ਼ਕਾਰੀ ਪੜ੍ਹ-ਪੜ੍ਹ ਕੇ ਹੈਰਾਨੀ ਵਧਦੀ ਜਾਂਦੀ ਸੀ। ਮਿਸਾਲ ਵਜੋਂ ਆਪਣੇ 'ਤੁਖਾਰੀ ਰਾਗ' ਵਿਚ ਰਚੇ ਬਾਰਹਮਾਹ ਵਿਚ ਉਹ ਭਾਦੋਂ ਦੇ ਮਹੀਨੇ ਵਿਚਲੀ ਕੁਦਰਤ ਦਾ ਵਰਣਨ ਕਰਦਿਆਂ ਇਸ ਮਹੀਨੇ ਵਰਖਾ ਨਾਲ ਟੋਇਆਂ ਦੇ ਭਰ ਜਾਣ, ਸਾਰੀ-ਸਾਰੀ ਰਾਤ ਮੀਂਹ ਵਰ੍ਹਨ, ਡੱਡੂਆਂ ਦੀ 'ਘੜੋਂ-ਘੜੀਂ', ਮੋਰ ਕੂਕਣ, ਬੰਬੀਹੇ ਦੇ 'ਪ੍ਰਿਉ-ਪ੍ਰਿਉ' ਕਰਨ, ਹੁੰਮਸ ਕਾਰਨ ਖੁੱਡਾਂ ਵਿਚੋਂ ਸੱਪਾਂ ਦੇ ਬਾਹਰ ਨਿਕਲ ਕੇ ਡੱਸਣ, ਮੱਛਰਾਂ ਦੇ ਡੰਗ ਮਾਰਨ ਦਾ ਜ਼ਿਕਰ ਕਰਦੇ ਹਨ। ਉਹਨਾਂ ਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੈ ਕਿ ਮੈਦਾਨੀ ਇਲਾਕਿਆਂ ਦੀ ਕੁਦਰਤ ਦੇ ਨਾਲੋ-ਨਾਲ ਉਹ ਸਾਰੇ ਸਮੁੰਦਰਾਂ ਦੇ ਨੱਕੋ-ਨੱਕ ਭਰਨ ਦੀ ਗੱਲ ਵੀ ਕਰਦੇ ਹਨ। ਅਸਲ ਵਿਚ ਉਹ ਕੁਦਰਤ ਦੇ ਦ੍ਰਿਸ਼ ਇਸ ਕਰਕੇ ਪੇਸ਼ ਕਰਦੇ ਹਨ ਕਿਉਂਕਿ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਜਿਸ ਜੀਵ-ਇਸਤਰੀ ਨੂੰ ਆਪਣੇ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਵੀ ਸਾਰੇ ਰੰਗ-ਤਮਾਸ਼ੇ (ਡੱਡੂ, ਮੋਰ ਪਪੀਹੇ ਦਾ ਸੰਗੀਤ) ਸੱਪ ਅਤੇ ਮੱਛਰ ਦੇ ਡੰਗ ਵਰਗੇ ਲਗਦੇ ਹਨ।ਇਸੇ ਤਰ੍ਹਾਂ ਅੱਸੂ ਦੇ ਮਹੀਨੇ ਉਹ ਦਰਿਆਵਾਂ ਦੇ ਕੰਢੇ ਉੱਗੀ ਪਿਲਛੀ (ਕੁਕਹ) ਅਤੇ ਕਾਹੀ (ਕਾਹ) ਦੇ ਚਿੱਟੇ ਰੰਗ ਦੇ ਬੂਰ ਨੂੰ 'ਚਿੱਟੇ ਧੌਲਿਆਂ' ਨਾਲ ਤੁਲਨਾਉਂਦੇ ਹਨ। ਇਸੇ ਤਰ੍ਹਾਂ 'ਓਅੰਕਾਰ' ਬਾਣੀ ਵਿਚ ਜਦੋਂ ਉਹ ਇਹ ਆਖਦੇ ਹਨ ਕਿ ਉਸ 'ਪਾਂਧੇ' ਨੂੰ ਹੀ 'ਗੁਰਮੁਖਿ' ਆਖਿਆ ਜਾ ਸਕਦਾ ਹੈ ਜੋ ਆਪਣੇ 'ਚੇਲੇ-ਚਾਟੜਿਆਂ' ਨੂੰ ਸੱਚੀ ਅਤੇ ਸਿਆਣੀ ਮੱਤ ਦੇਵੇ ਤਾਂ ਉਹ ਪਾਠਕ ਦਾ ਦਿਲ ਜਿੱਤ ਲੈਂਦੇ ਹਨ। ਇਸ ਤੋਂ ਜ਼ਿਆਦਾ ਠੇਠ ਸ਼ਬਦਾਂ ਵਿਚ ਸ਼ਾਇਦ ਹੀ ਇਹ ਗੱਲ ਆਖੀ ਜਾ ਸਕਦੀ ਹੋਵੇ। ਇੰਨੀਆਂ ਦਾਰਸ਼ਨਿਕ ਵਿਚਾਰਾਂ ਕਰਨ ਵਾਲੇ ਗੁਰੂ ਨਾਨਕ ਆਪਣੀਆਂ ਰਚਨਾਵਾਂ ਵਿਚ ਕਦੇ-ਕਦੇ ਇੰਨੇ ਸਰਲ ਵੀ ਹੋ ਜਾਂਦੇ ਹਨ; ਇਹ ਪੜ੍ਹ-ਸੁਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਕੌਰ
Details