by Unknown Author

ਓਹ ਵੇਲ਼ੇ ਤੋਂ ਅੱਜ ਤੱਕ ਪੰਜਾਬੀ ਅਖ਼ਬਾਰ ਨੇ ਆਪਣੇ ਸ਼ੁਰੂਆਤੀ ਸਮਿਆਂ ਤੋਂ ਲੈ ਕੇ ਹੁਣ ਤੱਕ ਮੌਜੂਦਾ ਸਮੇਂ ਦਾ ਹਾਣੀ ਹੁੰਦਿਆਂ ਇੱਕ ਮਾਣ ਇਹ ਵੀ ਖੱਟਿਆ ਹੈ ਕਿ ਬੀਤੇ ਹੋਏ ਸਮੇਂ ਦੀਆਂ ਕਥਾ ਕਹਾਣੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਨਾਲ ਲੈ ਕੇ ਤੁਰਿਆ ਹੈ। ਕੈਲਗਰੀ ਵੱਸਦੇ ਸਾਡੇ ਬਹੁਤ ਹੀ ਸਤਿਕਾਰਯੋਗ ਡਾ: ਬਲਵਿੰਦਰ ਕੌਰ ਬਰਾੜ ਨੂੰ ਜਦੋਂ ਵੀ ਗਾਹੇ-ਬਗਾਹੇ ਕਿਸੇ ਸਮਾਗਮ ਵਿੱਚ ਮਿਲਣਾ ਤਾਂ ਉਹਨਾਂ ਦੀ ਬੇਬਾਕ ਸ਼ੈਲੀ ਵਿੱਚ ਗੱਲ ਕਰਨੀ ਮੈਨੂੰ ਹਮੇਸ਼ਾ ਪ੍ਰਭਾਵਿਤ ਕਰਦੀ ਰਹੀ । ਉਹਨਾਂ ਕਈ ਵਾਰ ਅਖ਼ਬਾਰ ਵਿੱਚ ਛਪਣ ਲਈ ਮੈਟਰ ਭੇਜਿਆ ਤਾਂ ਅਖ਼ਬਾਰ ਦੇ ਪੰਨੇ ਤਾਂ ਹਰ ਸਮੇਂ ਅਜਿਹੇ ਮੈਟਰ ਲਈ ਮੰਗ ਕਰਦੇ ਮੈਨੂੰ ਲਗਾਤਾਰਤਾ ਦੀਆਂ ਹੁੱਜਾਂ ਜਿਹੀਆਂ ਮਾਰਦੇ ਰਹਿੰਦੇ, ਪਰ ਮੈਂ ਕਦੀ ਵੀ ਹਿੰਮਤ ਕਰਕੇ ਡਾ: ਬਲਵਿੰਦਰ ਕੌਰ ਬਰਾੜ ਨੂੰ ਅਖ਼ਬਾਰ ਲਈ ਅਜਿਹਾ ਕੁੱਝ ਲਗਾਤਾਰ ਲਿਖਣ ਲਈ ਕਹਿ ਨਾ ਸਕਿਆ। ਇਸ ਦਾ ਕਾਰਨ ਸ਼ਾਇਦ ਉਹਨਾਂ ਦਾ ਮੇਰੀਆਂ ਨਜ਼ਰਾਂ ਵਿੱਚ ਉੱਚਾ ਅਧਿਆਪਕੀ ਰੁਤਬਾ, ਉਹਨਾਂ ਦੀ ਬੇਬਾਕ ਕਹਿਣੀ, ਵੱਡਿਆਂ ਜਿਹੇ ਰਿਸ਼ਤੇ ਵਰਗੀ ਅਪਣੱਤ ਕਾਰਨ, ਮੈਂ ਉਹਨਾਂ ਦੀ ਕਲਮ ਵਿੱਚੋਂ ਲਿਖੇ ਜਾਣ ਵਾਲੇ ਸ਼ਬਦ ਜੋੜਾਂ ਨੂੰ ਪੰਜਾਬੀ ਅਖ਼ਬਾਰ ਦੇ ਪੰਨਿਆਂ ਦੇ ਹਾਣ ਦਾ ਨਾ ਕਰ ਸਕਿਆ। ਪਰ 6 ਨਵੰਬਰ 2020 ਵਾਲੇ ਦਿਨ ਫੋਨ ਦੀ ਘੰਟੀ ਦੀ ਟਰਨ-ਟਰਨ ਉਪਰੰਤ ਮੇਰੇ ਕੰਨਾਂ ਵਿੱਚ ਆਵਾਜ਼ ਪਈ ਕਿ ਬੁੱਟਰ ਲੈ ਹੁਣ ਆਪਾਂ ਆਪਣੇ ਪੰਜਾਬੀ ਅਖ਼ਬਾਰ ਲਈ ਲਗਾਤਾਰ ਕੁੱਝ ਲਿਖੀਏ। ਕੋਈ ਕਾਲਮ ਸ਼ੁਰੂ ਕਰੀਏ। ਨਾਂ ਦੱਸੋ ਕੀ ਰੱਖੀਏ ? ਤਾਂ ਮੈਂ ਖੁਸ਼ੀ ਵਿੱਚ ਇਹਨਾਂ ਹੀ ਕਹਿ ਸਕਿਆ ਕਿ ਹੁਣ ਜਦੋਂ ਤੁਸੀਂ ਪੰਜਾਬੀ ਅਖ਼ਬਾਰ ਲਈ ਲਿਖਣ ਦਾ ਫੈਸਲਾ ਕਰ ਹੀ ਲਿਆ ਐ ਤਾਂ ਹੁਣ ਫਿਰ ਨਾਂ ਵੀ ਤੁਸੀਂ ਆਪ ਈ ਰੱਖਣ ਦੀ ਖੇਚਲ ਕਰਿਓ। ਨਾਮਕਰਨ ਹੋ ਗਿਆ -ਉਹ ਵੇਲਾ ਯਾਦ ਕਰ।
Details