by Karamjit Singh

ਕੰਢੀ ਪਹਾੜਾਂ ਦੇ ਪੈਰਾਂ ਵਿਚਲੇ ਇਲਾਕੇ ਨੂੰ ਕਿਹਾ ਜਾਂਦਾ ਹੈ। ਖ਼ਾਸ ਤੌਰ 'ਤੇ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸੇ ਇਲਾਕੇ ਨੂੰ ਇਹ ਨਾਂ ਦਿੱਤਾ ਜਾਂਦਾ ਹੈ । ਡਾ. ਗੰਡਾ ਸਿੰਘ ਅਨੁਸਾਰ ਕੇਵਲ, ਕਾਂਗੜੇ ਦਾ ਜ਼ਿਲ੍ਹਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਊਨਾ ਤਹਿਸੀਲ ਦਾ ਪਹਾੜੀ ਇਲਾਕਾ ਰਹਿ ਗਿਆ ਹੈ। ਕਾਂਗੜੇ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਹਾੜ ਹਿਮਾਲਾ ਪਰਬਤ ਦੇ ਲਹਿੰਦੇ-ਦੱਖਣ ਦੀਆਂ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ ਜਿਨ੍ਹਾਂ ਵਿਚ ਧੌਲੀਧਾਰ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਧੋਲੀਧਾਰ ਅਧੀਨ ਕਈ ਧਾਰਾਂ ਆਉਂਦੀਆਂ ਹਨ। 'ਕਟਾਰਧਾਰ' ਦੇ ਲਹਿੰਦੇ ਢਲਵਾਣੀ ਇਲਾਕੇ ਨੂੰ ਕੰਢੀ ਆਖਦੇ ਹਨ। ਜਿੱਥੇ ਕਿ ਬੇਸ਼ੁਮਾਰ ਛੋਟੇ-ਵੱਡੇ ਪਹਾੜੀ ਨਾਲੇ ਜਿਨ੍ਹਾਂ ਨੂੰ ਚੋਅ ਕਿਹਾ ਜਾਂਦਾ ਹੈ, ਨਿਕਲ ਕੇ ਲਹਿੰਦੇ ਜਾਂ ਲਹਿੰਦੇ-ਦੱਖਣ ਨੂੰ ਵਗਦੇ ਹੋਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਉਪਜਾਊ ਭੌਂ ਨੂੰ ਰੋੜ੍ਹ ਕੇ ਬਿਆਸ ਦਰਿਆ ਜਾਂ ਕਾਲੀ ਬੇਈਂ ਵਿਚ ਸੁੱਟੀ ਜਾ ਰਹੇ ਹਨ ਜਾਂ ਪਣੇ ਦੀ ਸ਼ਕਲ ਵਿਚ ਜ਼ਿਲ੍ਹਾ ਜਲੰਧਰ ਵਿਚ ਵਿਛਾਈ ਜਾ ਰਹੇ ਹਨ ਅਤੇ ਹੁਸ਼ਿਆਰਪੁਰ ਨੂੰ ਰੇਤਲਾ ਕਰੀ ਜਾ ਰਹੇ ਹਨ।
Details