by Dr. Amandeep Kaur Principal

ਕਿਸੇ ਦੇਸ਼ ਦੀ ਸਭਿਅਤਾ ਦਾ ਅਨੁਮਾਨ ਉਸ ਦੀ ਨਾਰੀ ਜਾਤੀ ਦੀ ਸਮਾਜਿਕ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਨਾਰੀ ਦੀ ਸਥਿਤੀ ਅਤੇ ਉਸ ਦੀਆਂ ਸਮੱਸਿਆਵਾਂ ਸਦਾ ਵਿਚਾਰਸ਼ੀਲ ਸਮਾਜ ਦੇ ਚਿੰਤਨ ਦਾ ਜ਼ਰੂਰੀ ਮੁੱਦਾ ਬਣਦੀਆਂ ਹਨ। ਨਾਰੀ ਸਾਡੇ ਸਮਾਜ ਦਾ ਅਜਿਹਾ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤੱਕ ਆਪਣੀ ਪਛਾਣ ਲਈ ਸੰਘਰਸ਼ ਕਰਦੀ ਆਈ ਹੈ। ਮਰਦ ਦੁਆਰਾ ਉਲੀਕੇ ਸਮੁੱਚੇ ਪ੍ਰਬੰਧ ਵਿੱਚ ਔਰਤ ਦੀ ਸਥਿਤੀ ਦੁਜੈਲੀ ਰਹੀ ਹੈ। ਪੁਰਸ਼ ਇਸ ਦੁਜੈਲੇਪਣ ਨੂੰ ਜਾਇਜ਼ ਠਹਿਰਾਉਣ ਲਈ ਕਈ ਦਲੀਲਾਂ ਆਪਣੇ ਹੱਕ ਵਿੱਚ ਉਸਾਰਦਾ ਹੈ। ਇਸੇ ਪ੍ਰਸੰਗ ਵਿੱਚ ਸੈਮੋਨ-ਡੀ-ਬੈਂਵਰ ਔਰਤ ਅਤੇ ਮਰਦ ਦੀ ਪਰਿਭਾਸ਼ਾ ਕਰਦਿਆਂ ਲਿਖਦੀ ਹੈ, ਨਰ ਅਤੇ ਮਾਦਾ ਇਕੋ ਨਸਲ ਵਿੱਚ ਪ੍ਰਜਣਨ ਦੇ ਪ੍ਰਕਾਰਜ ਲਈ ਅਲੱਗ-ਅਲੱਗ ਕਿਸਮ ਦੇ ਦੋ ਪ੍ਰਾਣੀ ਹਨ ਜਿਹੜੇ ਇੱਕ ਦੂਸਰੇ ਦੇ ਸੰਬੰਧਾਂ ਵਿੱਚ ਪਰਿਭਾਸ਼ਾਬੱਧ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਔਰਤ ਅਤੇ ਮਰਦ ਜੀਵਨ ਦੀਆਂ ਸਭ ਸਮੱਸਿਆਵਾਂ, ਜਟਿੱਲਤਾਵਾਂ, ਪ੍ਰਾਪਤੀਆਂ ਦੋਹਾਂ ਦੇ ਹਿੱਸੇ ਬਰਾਬਰ ਆਉਣੀਆਂ ਬਣਦੀਆਂ ਹਨ ਪਰ ਸਮੇਂ ਦੇ ਪ੍ਰਵਾਹ ਨਾਲ ਅਤੇ ਪ੍ਰਸਥਿਤੀਆਂ ਦੇ ਬਦਲਾਵ ਨਾਲ ਇਸ ਹਿੱਸੇਦਾਰੀ ਦਾ ਅਨੁਪਾਤ ਘੱਟਦਾ ਵੱਧਦਾ ਰਿਹਾ ਹੈ। ਅਸਲ ਵਿੱਚ ਔਰਤ ਨੂੰ ਔਰਤ ਹੋਣ ਦੇ ਨਾਤੇ ਹੀ ਜੋ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਹ ਮੁਸ਼ਕਿਲਾਂ ਜੋ ਮਰਦ ਦੁਆਰਾ ਉਸਾਰੇ ਸਮਾਜ ਵਿੱਚ ਕੇਵਲ ਔਰਤ ਲਈ ਹੀ ਹਨ। ਔਰਤ ਦੇ ਅਧਿਕਾਰਾਂ ਅਤੇ ਹਿੱਤਾਂ ਦੇ ਪੱਖ ਵਿੱਚ ਸੰਗਠਿਤ ਗਤੀਵਿਧੀਆਂ ਜੋ ਖਾਸ ਤੌਰ ਤੇ ਔਰਤਾਂ ਪ੍ਰਤੀ ਭੇਦ-ਭਾਵ ਰੱਖਣ ਵਾਲੀਆਂ ਪਾਬੰਦੀਆਂ ਨੂੰ ਖਤਮ ਕਰਨ ਲਈ ਲਿਖੀਆਂ ਗਈਆਂ ਰਚਨਾਵਾਂ ਵਿੱਚ ਨਾਰੀ ਚਿੰਤਨ ਦੀ ਗੱਲ ਹੁੰਦੀ ਹੈ। 'ਨਾਰੀ ਚੇਤਨਾ' ਪੁਸਤਕ ਵਿੱਚ ਵਿਦਵਾਨਾਂ ਦੁਆਰਾ ਲੇਖਿਕਾਵਾਂ ਦੇ ਵਿਚਾਰਾਂ ਨੂੰ ਪੇਸ਼ ਕਰਨ ਦਾ ਸਫ਼ਲ ਉਪਰਾਲਾ ਹੈ।
Details